ਅਣਮੁੱਲੇ ਵਿਚਾਰ

ਸੱਚ ਪੁੱਛੋ ਤਾਂ ਪਤੀ ਪਤਨੀ ਦੇ ਸਾਥ ਦੀ ਕੀਮਤ ਦਾ ਉਹਨਾਂ ਨੂੰ ਹੀ ਅਹਿਸਾਸ ਹੈ ਜਿਹਨਾਂ ਚ ਕਿਸੇ ਕਾਰਨ ਵਿਛੋੜਾ ਪੈ ਗਿਆ ਜਾਂ ਜਿਹਨਾਂ ਦੀ ਜੋੜੀ ਟੁੱਟ ਗਈ। ਲੇਕਿਨ ਉਹ ਵੀ ਬਹੁਤ ਦੁਖੀ ਹੋ ਜਾਂਦੇ ਹਨ ਜਿਹਨਾਂ ਦਾ ਸਾਥੀ ਬੀਮਾਰ ਰਹਿ ਰਿਹਾ ਹੋਵੇ। ਇਸ ਲਈ ਸਾਥੀ ਨੂੰ ਹਰ ਬੀਮਾਰੀ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋ। ਉਹਨੂੰ ਵੱਧ ਤੋਂ ਵੱਧ ਪ੍ਰਹੇਜ਼ ਕਰਨ ਲਈ, ਟਾਈਮ ਸਿਰ ਖਾਣ ਪੀਣ, ਟਾਈਮ ਸਿਰ ਸੌਣ ਜਾਗਣ ਲਈ ਤੇ ਉਮਰ ਮੁਤਾਬਕ ਵਰਜਿਸ਼ ਕਰਨ ਲਈ ਵੀ ਕਹਿੰਦੇ ਰਹੋ। 
      ਤੁਸੀਂ ਅਪਣੇ ਜੀਵਨ ਸਾਥੀ ਦਾ ਪੂਰਾ ਧਿਆਨ ਰੱਖੋ। ਦੋਨੋਂ ਲੰਬੀ ਉਮਰ ਭੋਗਣ ਲਈ ਪੂਰੀ ਵਾਹ ਲਾ ਦਿਉ। ਇਉਂ ਇੱਕ ਦੂਜੇ ਦਾ ਧਿਆਨ ਰੱਖੋ ਕਿ ਤੁਸੀਂ ਮਸਾਂ ਹੀ ਦੁਨੀਆਂ ਦੀ ਐਨੀ ਭੀੜ ਚੋਂ ਮਿਲੇ ਹੋ। ਬੱਸ ਇਹ ਮੰਨਕੇ ਚੱਲੋ ਕਿ ਦੁਬਾਰਾ ਇਸ ਰੰਗਲੀ ਦੁਨੀਆ ਤੇ ਨਹੀਂ ਆਉਣਾ।
    ਇੱਕ ਦੂਜੇ ਦੀ ਖੁਸ਼ੀ ਦਾ ਧਿਆਨ ਰੱਖੋਗੇ ਤਾਂ ਦੋਨੋਂ ਸਿਹਤਵੰਦ ਰਹੋਗੇ। ਦੋਵੇਂ ਸਿਹਤਵੰਦ ਰਹੋਗੇ ਤਾਂ ਸਭ ਨੂੰ ਚੰਗੇ ਲੱਗੋਗੇ ਤੇ ਬੱਚਿਆਂ ਨੂੰ ਵੀ ਪਸੰਦ ਆਵੋਗੇ। ਇਸ ਲਈ ਜੀਵਨ ਸਾਥੀ ਨੂੰ ਸਦਾ ਖੁਸ਼ ਰੱਖਣ ਲਈ ਪੂਰੀ ਵਾਹ ਲਾ ਦਿਉ। ਸਾਥੀ ਦੇ ਚਿਹਰੇ ਦੀ ਸੁੰਦਰਤਾ ਵੀ ਤੁਸੀਂ ਹੀ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਕੇ ਵਧਾਅ ਸਕਦੇ ਹੋ ਤੇ ਛੋਟੀਆਂ ਛੋਟੀਆਂ ਟੈਂਸ਼ਨਾਂ ਲਾ ਕੇ ਉਹਦੀ ਚੰਗੀ ਭਲੀ ਸੁੰਦਰਤਾ ਵੀ ਖਤਮ ਕਰ ਸਕਦੇ ਹੋ। 
       ਤੁਸੀਂ ਦੇਖਿਆ ਹੀ ਹੋਣਾ ਹੈ ਜੇ ਦੋਨਾਂ ਚੋਂ ਇੱਕ ਬੀਮਾਰ ਹੋ ਜਾਏ ਤਾਂ ਦੂਜੇ ਦੀ ਵੀ ਸਿਹਤ ਵਿਗੜ ਜਾਂਦੀ ਹੈ, ਜੇ ਇੱਕ ਜਣਾ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਤਾਂ ਦੂਜੇ ਦੀ ਵੀ ਉਮਰ ਘਟ ਜਾਂਦੀ ਹੈ। ਇਸਲਈ ਅਪਣੇ ਜੋਟੀਦਾਰ ਨੂੰ ਸਮੇਂ ਤੋਂ ਪਹਿਲਾਂ ਇਸ ਸੰਸਾਰ ਤੋਂ ਜਾਣ ਨਾ ਦਿਉ। ਕਿਉਂਕਿ ਦੋਨੋਂ ਰਲ ਮਿਲ ਹੀ ਘਰ ਚਲਾਉਂਦੇ ਹਨ ਤੇ ਇੱਕ ਦੂਜੇ ਦੇ ਆਸਰੇ ਹੀ ਦੋਨੋਂ ਵੱਡੇ ਵੱਡੇ ਦੁੱਖ ਸਹਿ ਜਾਂਦੇ ਹਨ। ਤੇ ਦੋਨਾਂ ਦੀ ਹੀ ਬੱਚਿਆਂ ਨੂੰ ਸਦਾ ਹੀ ਲੋੜ ਹੁੰਦੀ ਹੈ। ਇਸ ਲਈ ਅਪਣੇ ਬੱਚਿਆਂ ਦੀ ਭਲਾਈ ਵਾਸਤੇ ਵੀ ਅਪਣੇ ਸਾਥੀ ਨੂੰ ਪੂਰੀ ਤਰ੍ਹਾਂ ਤੰਦਰੁਸਤ ਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। 
   ਪਤੀ ਪਤਨੀ ਨੇ ਸਦਾ ਹੀ ਘਰ ਪਰਿਵਾਰ ਬਾਰੇ, ਬੱਚਿਆਂ ਬਾਰੇ ਜੋ ਵਿਉਂਤਾਂ ਬਣਾਉਣੀਆਂ ਹੁੰਦੀਆਂ ਹਨ, ਉਹਨਾਂ ਵਿਉਂਤਾਂ ਕਰਕੇ ਹੀ ਪੁੱਤਾਂ ਪੋਤਿਆਂ ਨੂੰ ਫਾਇਦਾ ਹੁੰਦਾ ਹੈ। ਇਸ ਲਈ ਸਾਥੀ ਦੇ ਵਿਚਾਰ, ਸੁਪਨੇ, ਰੀਝਾਂ ਨੂੰ ਵੀ ਸੁਣੋ ਤੇ ਅਪਣੇ ਵੀ ਉਹਨੂੰ ਦੱਸੋ। ਲੇਕਿਨ ਜੇ ਸੁਪਨੇ ਬਹੁਤੇ ਵੱਡੇ ਹੋਣ ਤਾਂ ਥੋੜਾ ਘਟਾਅ ਲਵੋ ਜੇ ਪੂਰੇ ਹੋਣਯੋਗ ਹੋਣ ਤਾਂ ਜਲਦੀ ਪੂਰੇ ਕਰਨ ਦੀ ਕੋਸ਼ਿਸ਼ ਕਰਨ ਚ ਲੱਗ ਜਾਊ।
     ਇਸਲਈ ਤੁਹਾਨੂੰ ਸਭ ਜੋੜੀਦਾਰਾਂ ਨੂੰ ਬੇਨਤੀ ਹੈ ਕਿ ਦੋਨੋਂ ਇੱਕ ਦੂਜੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਰਹੋ, ਹਰ ਕੰਮ ਇੱਕ ਦੂਜੇ ਨਾਲ ਸੁਲਾਹ ਕਰਕੇ ਕਰੋ। ਕੁੱਝ ਵੀ ਇੱਕ ਦੂਜੇ ਤੋਂ ਨਾਂ ਛੁਪਾਉ। ਐਸਾ ਕੁੱਝ ਵੀ ਨਾਂ ਕਰੋ ਕਿ ਤੁਹਾਡਾ ਸਾਥੀ ਤਣਾਉ, ਚਿੰਤਾ ਜਾਂ ਕਿਸੇ ਵਹਿਮ ਭਰਮ ਦਾ ਸ਼ਿਕਾਰ ਹੋ ਜਾਏ। ਕਿਉਂਕਿ ਇਹ ਸੰਸਾਰ ਜੋ ਤੁਹਾਨੂੰ ਚੰਗਾ ਲੱਗ ਰਿਹਾ ਹੈ ਨਾਂ, ਇਹ ਸਭ ਤੁਹਾਡੇ ਸਾਥੀ ਦੇ ਸਾਥ ਕਰਕੇ ਹੀ ਹੈ। ਜਿਸਤਰਾਂ ਇੱਕ ਬੱਚੇ ਨੂੰ ਮੇਲਾ ਓਨਾ ਚਿਰ ਹੀ ਚੰਗਾ ਲਗਦਾ ਹੈ ਜਿੰਨਾ ਚਿਰ ਉਹਨੇ ਅਪਣੇ ਬਾਪ ਦੀ ਉਂਗਲੀ ਫੜੀ ਹੁੰਦੀ ਹੈ। ਜਿਉਂ ਹੀ ਬਾਪ ਦੀ ਉਂਗਲੀ ਛੁੱਟ ਜਾਂਦੀ ਹੈ, ਬੱਚਾ ਰੋਣ ਲੱਗ ਪੈਂਦਾ ਹੈ, ਉਹਨੂੰ ਉਹੀ ਭਰਿਆ ਭਰਿਆ ਮੇਲਾ ਬਹੁਤ ਬੁਰਾ ਲੱਗਣ ਲੱਗ ਪੈਂਦਾ ਹੈ।
      ਸੌ ਹੱਥ ਰੱਸਾ ਸਿਰੇ ਤੇ ਗੰਢ-:- ਹੁਣ ਫੋਨ ਛੱਡੋ ਤੇ ਪਤਨੀ ਨਾਲ ਥੋੜਾ ਕਿਚਨ ਚ ਕੰਮ ਚ ਹੱਥ ਵਟਾਅ ਦਿਉ, ਕਿਉਂਕਿ ਇਹ ਸਾਰਾ ਲੈਕਚਰ ਤੁਹਾਡੇ ਲਈ ਹੀ ਸੀ। ਜਾਂ ਉਹਨੂੰ ਇਹ ਖੁਸ਼ੀ ਦੀ ਖਬਰ ਦਿਉ ਕਿ ਤੁਸੀਂ ਫੋਨ ਤੋਂ ਖਹਿੜਾ ਛੁਡਾ ਲਿਆ ਹੈ ਤੇ ਉਸਤੋਂ ਪੁੱਛੋ ਕਿ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਅਸਲ ਵਿੱਚ ਤੁਹਾਡੇ ਵਾਸਤੇ ਕੰਮ ਤਾਂ ਬਹੁਤ ਪਏ ਹਨ, ਤੁਹਾਨੂੰ ਵੀ ਪਤਾ ਹੀ ਹੈ ਲੇਕਿਨ ਉਹ ਦੱਸ ਸਕਦੀ ਹੈ ਕਿ ਕਿਹੜਾ ਕੰਮ ਪਹਿਲਾਂ ਕਰਨਾ ਹੈ।

Post a Comment

0 Comments